
.
ਤੇਰੀ ਯਾਦ
ਹੁਣ ਤੇਰੀ ਯਾਦ ਨੂੰ ਜਿਸਮ ਦੇ ਕਿਹੜੇ ਹਿੱਸੇ 'ਚ ਲੁਕੋਵਾਂਗਾ ਮੈਂ,
ਅੱਖਾਂ ਚੁੱਪ ਹੋਣਗੀਆਂ ਪਰ ਅੰਦਰੋਂ ਬਹੁਤ ਰੋਵਾਂਗਾ ਮੈਂ.
ਇੱਕ ਸਮੇਂ ਰੂਹਾਂ ਵਿਚਕਾਰ ਜਿਸਮਾਂ ਦੀ ਕੰਧ ਵੀ ਨਹੀਂ ਰਹੀ ਸੀ,
ਸੋਚਦਾ ਸੀ ਇਸਤੋਂ ਜਿਆਦਾ ਹੋਰ ਕੀ ਤੇਰੇ ਕਰੀਬ ਹੋਵਾਂਗਾ ਮੈਂ.
ਯਾਰਾ,ਉਡੀਕਾਂ ਨੇ ਕਦੋਂ ਪਰਵਾਹ ਕੀਤੀ ਹੈ ਉਮਰਾਂ ਦੀ,
ਜਦੋਂ ਤੀਕ ਨਹੀਂ ਪਰਤੇਂਗਾ ਤੇਰੇ ਰਾਹ 'ਚ ਖਲੋਵਾਂਗਾ ਮੈਂ.
ਤੇਰਾ ਮਾਸੂਮ ਚਿਹਰਾ,ਤੇਰੇ ਜ਼ਜਬਾਤ,ਤੇਰੇ ਖਾਬ ਤੇ ਤੇਰੀ ਯਾਦ,
ਇਹਨਾਂ ਚੇਤਿਆਂ ਦੀ ਕਟਾਰ ਨੂੰ ਪਲ ਪਲ ਅੱਖਾਂ 'ਚ ਖੁਭੋਵਾਂਗਾ ਮੈਂ.
ਅਜੇ ਤੱਕ ਹੋਣਗੇ ਨਿਸ਼ਾਨ ਮੇਰੇ ਗੁਨਾਹਾਂ ਦੇ ਤੇਰੇ ਬਦਨ ਤੇ,
ਜੇ ਮਿਲਿਆ ਤਾਂ ਜਰੂਰ ਆਪਣੇ ਹੰਝੂਆਂ ਨਾਲ ਧੋਵਾਂਗਾ ਮੈਂ.
ਮੇਰੇ ਦਿਲ ਦੀ ਮਸੀਤ 'ਚ ਬਲਦਾ ਰਹੇਗਾ ਤੇਰੇ ਪਿਆਰ ਦਾ ਚਿਰਾਗ,
ਮੇਰੇ ਗੀਤ ਗੂੰਜਦੇ ਰਹਿਣਗੇ,ਭਾਂਵੇ ਆਪਣੇ ਸ਼ਹਿਰ 'ਚ ਨਾ ਹੋਵਾਂਗਾ ਮੈਂ.
ਉਡੀਕ
ਇੱਕ ਇੱਕ ਕਰਦੇ ਮੁੱਕ ਗਏ ਅੰਬਰ ਦੇ ਤਾਰੇ ਨੇ
ਏਦਾ ਹੀ ਇੰਤਜਾਰ 'ਚ ਲੰਘ ਗਏ ਜੁੱਗ ਚਾਰੇ ਨੇ
ਅੱਖਾਂ 'ਚ ਹੰਝੂਆਂ ਦੇ ਦਰੀਆ ਸੀਨੇ 'ਚ ਚੀਕ ਹੈ
ਜਿੰਦਗੀ ਦੇ ਆਖਰੀ ਪਲ ਨੇ, ਮੈਨੂੰ ਫਿਰ ਵੀ ਤੇਰੀ ਉਡੀਕ ਹੈ
ਕਿਉਂ ਨਾ ਸਹਿ ਸਕਿਆ ਮੈਂ ਤੇਰੇ ਰਿਸ਼ਤੇ ਦੀ ਪੀੜ
ਜਿੰਦਗੀ ਦੇ ਅਰਥ ਬਦਲ ਗਈ, ਇਕ ਜ਼ਖਮ ਦਹਿਕਦੇ ਦੀ ਪੀੜ
ਇੰਝ ਤੇਰੀ ਯਾਦ ਹੀ ਹੈ ਜੋ ਮੇਰੀ ਰੂਹ ਤੋਂ ਵੱਧ ਨਜਦੀਕ ਹੈ
ਜਿੰਦਗੀ ਦੇ ਆਖਰੀ ਪਲ ਨੇ, ਮੈਨੂੰ ਫਿਰ ਵੀ ਤੇਰੀ ਉਡੀਕ ਹੈ
ਸੂਰਜ ਵਾਂਗ ਮੈਂ ਤਪਦਾ ਰਿਹਾ ਕੋਣ ਭਰਦਾ ਬਾਹਵਾਂ 'ਚ
ਉਮੀਦਾਂ ਦੇ ਪਰਬਤ ਮਿਟ ਚੱਲੇ, ਸੁੰਨੀ ਦਿਲ ਦੀ ਮਸੀਤ ਹੈ
ਜਿੰਦਗੀ ਦੇ ਆਖਰੀ ਪਲ ਨੇ, ਮੈਨੂੰ ਫਿਰ ਵੀ ਤੇਰੀ ਉਡੀਕ ਹੈ
ਹਾਂ ਮੰਨਿਆ ਜੇ ਤੂੰ ਅੱਜ ਪਰਤੇ ਮੈਨੂੰ ਪਹਿਚਾਣ ਨਾ ਸਕੇਗਾਂ
ਮੇਰੇ ਜ਼ਜਬਾਤਾਂ ਤੇ ਮੇਰੇ ਦਿਲ ਨੂੰ ਮਾਣ ਨਾ ਸਕੇਗਾ
ਪਰ ਅੱਜ ਤੇਰੇ ਲਈ ਕੁਰਲਾ ਰਿਹਾ ਮੇਰਾ ਹਰ ਗੀਤ ਹੈ
ਜਿੰਦਗੀ ਦੇ ਆਖਰੀ ਪਲ ਨੇ, ਮੈਨੂੰ ਫਿਰ ਵੀ ਤੇਰੀ ਉਡੀਕ ਹੈ
ਤੇਰੇ ਬਿਨਾਂ
ਹੁਣ ਤਾਂ ਬਸ ਉਮੀਦਾਂ ਵਾਲਾ ਪੱਥਰ
ਦਿਲ ਤੇ ਧਰਨਾ ਵੇ,
ਹੁਣ ਕਦਮਾਂ ਨੇ ਅੱਗੇ ਤੁਰ ਕੇ
ਕੀ ਹੈ ਕਰਨਾ ਵੇ,
ਤੇਰੇ ਬਿਨਾਂ ਜਿੰਦਗੀ ਇੰਝ, ਜਿਵੇ
ਪਲ ਪਲ ਮਰਨਾ ਵੇ,
ਤੇਰਾ ਆਉਣਾ ਤੇ ਫਿਰ ਤੁਰ ਜਾਣਾ
ਜਿੰਦਗੀ ਦਾ ਮੇਰੇ ਬੂਹੇ ਤੋਂ ਮੁੜ ਜਾਣਾ
ਮਰਨ ਤੱਕ ਇਹ ਹਾਦਸਾ
ਨਹੀਂ ਵਿਸਰਨਾ ਵੇ
ਸੀਨੇ 'ਚ ਅੰਗਿਆਰ ਰਹਿੰਦੇ ਬਲਦੇ
ਖੁਸ਼ੀਆਂ ਚਾਅ ਸਭ ਮੋਏ,
ਸਿਰਫ ਸਾਹ ਹੀ ਨੇ ਚਲਦੇ
ਅੱਜ ਕੁਦਰਤ ਸਾਰੀ ਜਿੱਤ ਲਈ
ਪਿਆ ਪਰ ਤੇਰੇ ਅੱਗੇ ਹਰਨਾ ਵੇ
ਹੁਣ ਜਿਉਂ ਕੇ ਕੀ ਕਰਨਾ ਵੇ।
'''ਅਰਥ '''
ਸਦਾ ਕਾਲੇ ਹੀ ਨਹੀਂ ਹੁੰਦੇ,
ਇਹਨਾਂ ਕਾਲੇ ਸ਼ਬਦਾਂ ਦੇ ਅਰਥ.
ਇਹਨਾਂ ਵਿੱਚ ਸੁਲਘ ਰਹੇ ਨੇ,
ਕਈ ਰੋਸ਼ਨ ਸਦੀਆਂ ਦੇ ਅਰਥ.
ਅਸੀਂ ਹੀ ਹਾਂ ਜੋ ਤਰਸ ਰਹੇ ਹਾਂ ਬਰਸਾਤਾਂ ਨੂੰ,
ਸਮੁੰਦਰਾਂ ਦਾ ਮਾਲਕ ਕੀ ਜਾਣੇ
ਪਾਣੀ ਦੀਆਂ ਦੋ ਬੂੰਦਾਂ ਦੇ ਅਰਥ.
ਇਹਨੇ ਤਾਂ ਜਿਸਮਾਂ ਤੱਕ ਦੀ ਵਿੱਦਿਆ ਪੜੀ ਹੈ
ਇਹ ਨਹੀਂ ਜਾਣਦਾ ਰੂਹਾਂ ਦੇ ਅਰਥ.
ਉਹ ਮੈਨੂੰ ਸਾਰੀ ਉਮਰ ਬੁੱਤ ਹੀ ਸਮਝਦਾ ਰਿਹਾ
ਉਹ ਨਾ ਜਾਣ ਸਕਿਆ ਕਦੇ, ਮੇਰੇ ਚੁੱਪ ਬੁੱਲਾਂ ਦੇ ਅਰਥ.
ਤੁਸੀਂ ਕਦੋਂ ਤੱਕ ਕੋਸ਼ਿਸ਼ ਕਰਦੇ ਰਹੋਗੇ,
ਹਵਾ ਨੂੰ ਪਿੰਜਰੇ 'ਚ ਕੈਦ ਕਰਨ ਦੀ,
ਤੁਸੀਂ ਕਦੋਂ ਸਮਝੋਗੇ ਅਜ਼ਾਦੀਆਂ ਦੇ ਅਰਥ.
ਸ਼ਿਕਵਾ ਹੈ ਨਾਲ ਜਿਸਦੇ ਬੱਸ ਉਹ ਹੀ ਸਮਝ ਲਵੇ,
ਹੋਰ ਕਿਸੇ ਨੇ ਸਮਝ ਕੇ ਕਰਨੇ ਵੀ ਕੀ ਨੇ,
ਮੇਰੀਆਂ ਕਵਿਤਾਵਾਂ ਦੇ ਅਰਥ.
'''ਚੀਸ '''
ਉਸਦੀ ਯਾਦ ਦੀ ਕੋਇਲ ਕੂਕ ਰਹੀ,
ਅੱਜ ਮੇਰੀ ਰੂਹ ਦੇ ਬੀਆਬਾਨ 'ਚ.
ਮੇਰਾ ਇੱਕ ਹਿੱਸਾ ਹੈ ਉਹ, ਪਰ
ਪਤਾ ਨਹੀਂ ਕਿੱਥੇ ਵਸਦਾ ਇਸ ਜਹਾਨ 'ਚ.
ਬਰਸ ਰਹੀਆਂ ਨੇ ਰੋਸ਼ਨੀ ਦੀਆਂ ਕਣੀਆਂ,
ਦੋ ਬੱਦਲ ਖੇਡ ਰਹੇ ਨੇ ਅਸਮਾਨ 'ਚ.
ਦੁਨੀਆ ਦੇ ਸਕੂਲ 'ਚ ਜਦੋਂ ਦਾ ਆਇਆ ਹਾਂ,
ਰੋਜ ਬੈਠਣਾ ਪੈਂਦਾ ਜਿੰਦਗੀ ਦੇ ਇਮਤਿਹਾਨ 'ਚ.
ਲਫਜ ਬਿਆਨ ਨਹੀਂ ਕਰ ਸਕਦੇ ਉਹਦੀ ਉਚਾਈ,
ਚੁੱਪ ਹੀ ਰਹਿਣਾ ਪੈਂਦਾ ਉਹਦੀ ਸ਼ਾਨ 'ਚ.
ਇੱਕ ਆਲਣਾ, ਦੋ ਬੱਚੇ ਛੱਡ ਕੇ ਗਈ ਸੀ,
ਹੁਣ ਬੈਠੀ ਰੋ ਰਹੀ ਏ ਚਿੜੀ ਰੋਸ਼ਨਦਾਨ 'ਚ
'''ਨੀ ਕੋਈ ਮੈਨੂੰ ਅੱਜ ਚੇਤੇ ਆਇਆ'''
ਨੀ ਕੋਈ ਮੈਨੂੰ ਅੱਜ ਚੇਤੇ ਆਇਆ
ਧਰਤ 'ਚੋਂ ਉੱਠੀ ਝਰਨਾਹਟ,
ਅੰਬਰ ਵੀ ਹੈ ਨਸ਼ਿਆਇਆ.
ਖਾਮੋਸ਼ ਸਾਹਾਂ ਦੀ ਨਦੀ ਨੇ ਸੀ ਰਫਤਾਰ ਫੜੀ,
ਸੀਨੇ 'ਚ ਜਿਵੇਂ ਲਿਸ਼ਕਦੀ ਬਿਜਲੀ ਜਾ ਵੜੀ
ਜਦ ਉਸਨੇ ਹੋਠਾਂ ਨੂੰ ਸੀ ਮੇਰੇ ਮੱਥੇ ਨਾਲ ਛੁਹਾਇਆ.
ਨੀ ਕੋਈ ਮੈਨੂੰ ਅੱਜ ਚੇਤੇ ਆਇਆ.
ਅੱਖਾਂ ਮੀਟ ਗਈ ਉਹਦੇ ਚਿਹਰੇ ਦੀ ਲਿਸ਼ਕੋਰ,
ਪਹਿਲੀ ਵਾਰ ਸ਼ੋਰ ਮਚਾ ਰਿਹਾ ਸੀ ਦਿਲ ਚੋਰ,
ਧੁਖਾ ਗਿਆ ਨੀ ਮੈਨੂੰ ਕੋਈ ਅਗਨੀ ਦਾ ਜਾਇਆ.
ਨੀ ਕੋਈ ਮੈਨੂੰ ਅੱਜ ਚੇਤੇ ਆਇਆ.
'''ਗਜ਼ਲ '''
ਇੰਝ ਨਾ ਬਖੇਰ ਸਾਨੂੰ ਤੂੰ ਸ਼ਰਾਰਤਾਂ ਦੇ ਨਾਲ
ਭਾਂਵੇ ਜਾਨ ਕੱਢ ਲੈ, ਪਰ ਮੁਹਬੱਤਾਂ ਦੇ ਨਾਲ
ਤੇਰੇ ਪੈਰਾਂ ਤੋਂ ਵੀ ਨੀਵੇਂ ਲੱਗਦੇ ਨੇ ਇਹ ਉਦੋਂ
ਜਦੋਂ ਤੂੰ ਖਲੋਂਦਾ ਏ ਮੇਰੀ ਔਕਾਤ ਦੇ ਪਰਬਤਾਂ ਦੇ ਨਾਲ
ਰਹਿਮਤ ਹੁੰਦੀ ਹੈ ਨਸੀਬ ਇਹ ਕਿਸੇ ਕਿਸੇ ਨੂੰ ਹੀ
ਮੁਹੱਬਤ ਖਰੀਦਿਆਂ ਨਹੀਂ ਮਿਲਦੀ ਬਜ਼ਾਰੋਂ ਦੌਲਤਾਂ ਦੇ ਨਾਲ
ਤਨ ਤਾਂ ਕੀਤੇ ਜਾ ਸਕਦੇ ਨੇ ਕੈਦ ਭਾਵੇਂ,ਪਰ
ਦਿਲਾਂ ਤੇ ਰਾਜ ਨਹੀਂ ਹੁੰਦੇ ਕਦੇ ਤਾਕਤਾਂ ਦੇ ਨਾਲ
ਘਰ, ਖੁਸ਼ੀਆਂ, ਖੁਵਾਬ ਸਭ ਢਹਿ ਗਏ
ਹੋਂਸਲੇ ਨਾ ਢਏ ਪਰ ਸਾਡੇ ਕਿਆਮਤਾਂ ਦੇ ਨਾਲ
'''
ਯਾਦ ਦੀ ਖੁਸ਼ਬੋ '''
ਅੱਜ ਫਿਰ ਮਹਿਕ ਉੱਠੀ ਏ,
ਤੇਰੀ ਯਾਦ ਦੀ ਖੁਸ਼ਬੋਈ ਸੱਜਣਾ.
ਤਾਂ ਹੀ ਅੱਖ ਮੇਰੀ ਅੱਜ,
ਲੱਖ ਵਰ ਜ਼ਾਰੋ-ਜ਼ਾਰ ਰੋਈ ਸੱਜਣਾ.
ਜਿਸਮ ਪਿਆ ਕੁਰਲਾਵੇ ਹਰ ਪਲ,
ਪੀੜ ਨਾ ਜਾਵੇ ਮੈਥੋਂ ਲੁਕੋਈ ਸੱਜਣਾ.
ਤੁਰ ਜਾਂਦੇ ਨੇ ਸਭ ਦੂਰ,
ਫਿਰ ਮੁੜਕੇ ਨਾ ਆਵੇ ਕੋਈ ਸੱਜਣਾ.
ਚੀਕ ਸੀਨੇ 'ਚ ਦਫਨ ਰਹਿ ਗਈ,
ਪਰ ਚੀਸ ਤੇਰੇ ਜਾਣ ਦੀ ਬਹੁਤ ਹੋਈ ਸੱਜਣਾ.
'''
ਫਿਕਰ '''
ਫਿਕਰ ਹਰ ਇੱਕ ਨੂੰ ਆਪਣੇ-ਆਪਣੇ ਸਫਰ ਦਾ ਹੈ
ਉਂਝ ਬਿਨਾ ਪਿਆਸ ਤੋਂ ਸਰੋਵਰਾਂ ਲਾਗੇ ਕੌਣ ਠਹਿਰਦਾ ਹੈ.
ਉਹ ਉੱਤਰਦਾ ਗਿਆ ਮੇਰੀ ਰੂਹ ਦੀ ਤਹਿ ਤੱਕ ਇਸ ਤਰਾਂ,
ਜਿਵੇਂ ਕੋਈ ਪੱਥਰ ਪਾਣੀ 'ਚ ਉੱਤਰਦਾ ਹੈ.
ਮੇਰੇ ਲਹੂ 'ਚ ਅਜੇ ਹੈ ਕੁਰਲਾਹਟ ਤੇਰੇ ਵਿਛੜਣ ਦੀ,
ਤੇਰੀ ਯਾਦ ਦਾ ਕਾਫਿਲਾ ਰੋਜ ਮਨ ਦੀ ਗਲੀ 'ਚੋਂ ਗੁਜਰਦਾ ਹੈ.
ਜਦੋਂ ਧਰਤੀ ਤੇ ਸਾਂ ਖਾਹਿਸ਼ ਸੀ ਅੰਬਰ ਤੇ ਪਹੁੰਚਣ ਦੀ,
ਜਦ ਪਹੁੰਚਿਆ ਪਤਾ ਲੱਗਿਆ ਅੰਤ ਕਿਤੇ ਨਹੀਂ ਅੰਬਰ ਦਾ ਹੈ.
ਮੈਂ ਕਾਤਿਲ ਹਾਂ,ਮੈਂ ਮਾਰਿਆ ਹੈ ਆਪਣੇ ਮਨ ਨੂੰ,
ਮਨ ਮਾਰਿਆ ਜਾਂਦਾ,ਮਨ ਆਪਣੇ ਆਪ ਨਹੀਂ ਮਰਦਾ ਹੈ.
ਉਹਦੀ ਯਾਦ ਭੁੱਲਦੀ ਨਹੀਂ ਰੋਜ ਮੇਰੇ ਬੂਹੇ ਤੇ ਆਉਣਾ,
ਜਿਵੇਂ ਪਾਣੀਆਂ ਨੂੰ ਵਗਣ ਦਾ ਚੇਤਾ ਨਹੀਂ ਵਿਸਰਦਾ ਹੈ.
''' ਉਹ '''
ਇੱਕ ਗਮ ਮਿਲਦਾ ਹੈ ਕਈ ਵਾਰ ਅਜਿਹਾ,
ਜੋ ਲੱਖਾਂ ਮਨ ਦੀਆਂ ਖੁਸ਼ੀਆਂ ਨੂੰ ਮਾਰ ਦਿੰਦਾ ਏ.
ਗੱਲ ਜਿਸਮ ਤੋਂ ਸ਼ੁਰੂ ਹੋ ਜਿਸਮ ਤੇ ਮੁੱਕ ਜਾਵੇ,
ਕੌਣ ਏ ਜੋ ਇੱਥੇ ਕਿਸੇ ਨੂੰ ਸੱਚਾ ਪਿਆਰ ਦਿੰਦਾ ਏ.
ਇਹ ਨਹੀਂ ਕਿ ਉਹ ਕੋਈ ਖੁਸ਼ੀ ਨਹੀਂ ਦਿੰਦਾ,
ਇੱਕ ਖੁਸ਼ੀ ਨਾਲ ਗਮ ਵੀ ਕਈ ਹਜਾਰ ਦਿੰਦਾ ਏ.
ਮੇਰੇ ਲਹੂ 'ਚ ਸਾਹ ਬਣ ਘੁਲ ਗਈ ਏ ਉਹਦੀ ਯਾਦ,
ਉਹ ਖਬਰੇ ਕਿਸ ਤਰਾਂ ਕਿਸੇ ਨੂੰ ਸੌਖਿਆਂ ਹੀ ਵਿਸਾਰ ਦਿੰਦਾ ਏ.
ਜਖਮ ਦੇਣ ਦਾ ਤਰੀਕਾ ਵੀ ਹੈ ਬੜਾ ਨਿਰਾਲਾ ਉਸਦਾ,
ਜਦੋਂ ਵੀ ਮਿਲੇ ਸੀਨੇ 'ਚ ਇੱਕ ਛੁਰੀ ਉਤਾਰ ਦਿੰਦਾ ਏ
ਰੁਕ ਗਈ ਏ ਜਿੰਦਗੀ
ਰੁਕ ਗਈ ਏ ਜਿੰਦਗੀ, ਪਰ ਦੌੜ ਰਿਹਾ ਏ ਸਮਾਂ,
ਖ਼ਬਰੇ ਉਮਰ ਦੀ ਕਿਹੜੀ ਕਿਸ਼ਤੀ ਤੇ ਸਵਾਰ ਹਾਂ
ਮੈਂ ਖ਼ੁਦਾ ਨੂੰ ਕਿਹਾ ਤੇਰੀ ਹੋਂਦ ਵੇਖਣੀ ਚਾਹੁੰਦਾ ਹਾਂ
ਉਹ ਬੋਲਿਆ ਘਰੇ ਜਾ ਕੇ ਪੂਜ ਵਿਹੜੇ ਬੈਠੀ ਮਾਂ
ਜਿਹੜੀ ਜਗਾ ਤੇ ਬੈਠ ਕੇ ਲਿਖਦੀ ਸੀ ਖ਼ਤ ਮੈਨੂੰ
ਉਹੀ ਹੈ ਮੱਕਾ, ਉਹੀ ਹੈ ਸਭ ਤੋਂ ਪਵਿਤੱਰ ਥਾਂ
ਲਹੂ ਦੀ ਥਾਂ ਨਸਾਂ 'ਚ ਵਸ ਗਏ ਨੇ ਤੇਰੇ ਚੇਤੇ,
ਤੜਪਾ ਮਾਰਿਐ ਸੱਜਣਾ ਮੈਨੂੰ ਤੇਰਿਆਂ ਗਮਾਂ
ਵਾਕਿਫ਼ ਹਾਂ ਮੈਂ ਦੁਨੀਆ ਭਰ ਦੇ ਕਾਇਰਾਂ ਤੋਂ ,
ਸਭ ਤੋਂ ਪਹਿਲਾਂ ਉਹਨਾਂ 'ਚ ਆਉਂਦਾ ਏ ਮੇਰਾ ਨਾਂ
ਜਦ ਪਿਘਲ ਹੀ ਗਿਆ ਹਾਂ ਤਾਂ ਕਿਉਂ ਰਹਾਂ ਦੂਰ,
ਆ ਅੱਜ ਤੇਰੀਆਂ ਲਹਿਰਾਂ 'ਚ ਵੀ ਡੁੱਬ ਵੇਖ ਲਵਾਂ
ਉਸ ਮਿਲਣੀ ਨੂੰ ਆਖਿਰੀ ਮਿਲਣੀ ਨਾਂ ਸਮਝ ਬੈਠੀਂ
ਹੋ ਸਕਦੈ ਤੈਨੂੰ ਕਦੇ ਤੇਰਾ ਹਾਉਂਕਾ ਬਣ ਮਿਲ ਲਵਾਂ
ਗ਼ਲਤਫਹਿਮੀ
ਮਜਬੂਰ ਸਾਂ ਕਦੇ, ਵਕਤ ਅੱਗੇ ਝੁਕਿਆ ਸਾਂ ਕਦੇ
ਸਮਝੌਤੇ ਕਰਦਾ ਰਿਹਾ ਜਿੰਦਗੀ ਨਾਲ,
ਪਰ ਮੇਰੇ ਅੰਦਰ ਚੋਰ ਨਹੀਂ ਸੀ।
ਸ਼ੀਸ਼ਾ ਸਾਂ ਮੈਂ, ਦਿਲ ਪਰ ਚੱਟਾਨ ਸੀ
ਭੁਰ ਜਾਂਦਾ ਇਕ ਹਲੂਣੇ ਨਾਲ
ਐਨਾ ਉਦੋਂ ਕਮਜੋਰ ਨਹੀਂ ਸੀ।
ਉਸਦੇ ਅੱਖਾਂ ਭਰਦੇ ਹੀ ਉਦੋਂ
ਮੈਨੂੰ ਆਪਣਾ ਜਵਾਬ ਮਿਲ ਗਿਆ ਸੀ,
ਪਤਾ ਉਸ ਨੂੰ ਵੀ ਸੀ
ਕਿ ਮੇਰੇ ਦਿਲ ਵਿੱਚ ਕੋਈ ਹੋਰ ਨਹੀਂ ਸੀ।
ਕਈ ਵਰਿਆਂ ਬਾਅਦ ਮਿਲੇ ਅਸੀਂ ਇੱਕ ਦਿਨ
ਦੋਹਾਂ ਦੀਆਂ ਅੱਖਾਂ ਵਿੱਚ ਹੰਝੂ ਸਨ
ਮੇਰੇ ਚਿਹਰੇ ਤੇ ਰੌਣਕ,
ਉਹਦੇ ਮੁੱਖ ਤੇ ਲਿਸ਼ਕੋਰ ਨਹੀਂ ਸੀ।
ਗ਼ਲਤਫਹਿਮੀ ਜਦ ਦੂਰ ਹੋਈ
ਕਈ ਸ਼ਿਕਵੇ ਜਾਗ ਉਠੇ ਫਿਰ ਦਿਲ ਵਿਚ
ਪਰ ਜ਼ੁਬਾਨ ਤੇ ਦੋਹਾਂ ਦੇ ਸ਼ੋਰ ਨਹੀਂ ਸੀ।
ਕਦ ਪਰਤਣਾ ਹੈ ਤੂੰ
ਹਜ਼ਾਰ ਪੀੜਾਂ ਸੀਨੇ ਵਿੱਚ ਲੁਕੋ ਕੇ
ਮੈਂ ਉਡੀਕਦਾ ਰਿਹਾ ਤੈਨੂੰ ਸਦਾ
ਤੇਰੇ ਰਾਹਾਂ ਵਿੱਚ ਖਲੋ ਕੇ।
ਤੂੰ ਕੋਰਾ ਕਾਗਜ਼ ਸਮਝਿਆ ਜਿਸਨੂੰ ਹਮੇਸ਼ਾ,
ਉਹ ਹਰ ਖਤ ਲਿਖਿਆ ਸੀ ਮੈਂ ਤੈਨੂੰ
ਕਲਮ ਨੂੰ ਆਪਣੇ ਹੰਝੂਆਂ ਵਿਚ ਡੁਬੋ ਕੇ।
ਯਾਦ ਹੈ ਮੈਨੂੰ ਜਦ ਤੂੰ ਪੁੱਛਿਆ ਸੀ
ਸਾਂਝ ਆਪਣੀ ਹੈ ਕਿੰਨੀ ਕੁ ਗਹਿਰੀ?
ਮੈਂ ਬੈਠਾ ਸੀ ਜਦ ਤੈਨੂੰ
ਆਪਣੀ ਰੂਹ ਤੋਂ ਵੀ ਅੱਗੇ ਸਮੋ ਕੇ।
ਜ਼ਿੰਦਗੀ ਨਾਲ ਰਹੀ ਨਾ ਮੁਹੱਬਤ ਮੇਰੀ,
ਰੱਬ ਨੇ ਸਭ ਕੁੱਝ ਦਿੱਤਾ
ਬੱਸ ਇੱਕ ਤੇਰਾ ਸਾਥ ਖੋਹ ਕੇ।
"ਤੇਰੇ ਜੁਦਾ ਹੋਣ ਦਾ ਵੇਲਾ ਸੀ ਜਦੋਂ
ਮੇਰੀ ਆਤਮਾ ਕੁਰਲਾ ਰਹੀ ਸੀ ਉਦੋਂ
ਨਹੀਂ ਪਤਾ ਸੀ ਤੂੰ ਪਰਤਣਾ ਏ ਕਦੋਂ"
ਉਸ ਵੇਲੇ ਪਤਾ ਨਹੀਂ ਕਿੰਝ
ਮੇਰੀ ਜ਼ੁਬਾਨ ਰਹਿ ਗਈ ਸੀ ਚੁੱਪ ਹੋਕੇ।
ਨੀ ਕੋਈ ਮੈਨੂੰ ਅੱਜ ਚੇਤੇ ਆਇਆ
ਨੀ ਕੋਈ ਮੈਨੂੰ ਅੱਜ ਚੇਤੇ ਆਇਆ
ਧਰਤ 'ਚੋਂ ਉੱਠੀ ਝਰਨਾਹਟ,
ਅੰਬਰ ਵੀ ਹੈ ਨਸ਼ਿਆਇਆ.
ਖਾਮੋਸ਼ ਸਾਹਾਂ ਦੀ ਨਦੀ ਨੇ ਸੀ ਰਫਤਾਰ ਫੜੀ,
ਸੀਨੇ 'ਚ ਜਿਵੇਂ ਲਿਸ਼ਕਦੀ ਬਿਜਲੀ ਜਾ ਵੜੀ
ਜਦ ਉਸਨੇ ਹੋਠਾਂ ਨੂੰ ਸੀ ਮੇਰੇ ਮੱਥੇ ਨਾਲ ਛੁਹਾਇਆ.
ਨੀ ਕੋਈ ਮੈਨੂੰ ਅੱਜ ਚੇਤੇ ਆਇਆ.
ਅੱਖਾਂ ਮੀਟ ਗਈ ਉਹਦੇ ਚਿਹਰੇ ਦੀ ਲਿਸ਼ਕੋਰ,
ਪਹਿਲੀ ਵਾਰ ਸ਼ੋਰ ਮਚਾ ਰਿਹਾ ਸੀ ਦਿਲ ਚੋਰ,
ਧੁਖਾ ਗਿਆ ਨੀ ਮੈਨੂੰ ਕੋਈ ਅਗਨੀ ਦਾ ਜਾਇਆ.
ਨੀ ਕੋਈ ਮੈਨੂੰ ਅੱਜ ਚੇਤੇ ਆਇਆ.
ਉਡੀਕ
ਇੱਕ ਇੱਕ ਕਰਦੇ ਮੁੱਕ ਗਏ ਅੰਬਰ ਦੇ ਤਾਰੇ ਨੇ
ਏਦਾ ਹੀ ਇੰਤਜਾਰ 'ਚ ਲੰਘ ਗਏ ਜੁੱਗ ਚਾਰੇ ਨੇ
ਅੱਖਾਂ 'ਚ ਹੰਝੂਆਂ ਦੇ ਦਰਿਆ ਸੀਨੇ 'ਚ ਚੀਕ ਹੈ
ਜਿੰਦਗੀ ਦੇ ਆਖਰੀ ਪਲ ਨੇ, ਮੈਨੂੰ ਫਿਰ ਵੀ ਤੇਰੀ ਉਡੀਕ ਹੈ
ਕਿਉਂ ਨਾ ਸਹਿ ਸਕਿਆ ਮੈਂ ਤੇਰੇ ਰਿਸ਼ਤੇ ਦੀ ਪੀੜ
ਜਿੰਦਗੀ ਦੇ ਅਰਥ ਬਦਲ ਗਈ, ਇਕ ਜ਼ਖਮ ਦਹਿਕਦੇ ਦੀ ਪੀੜ
ਇੰਝ ਤੇਰੀ ਯਾਦ ਹੀ ਹੈ ਜੋ ਮੇਰੀ ਰੂਹ ਤੋਂ ਵੱਧ ਨਜਦੀਕ ਹੈ
ਜਿੰਦਗੀ ਦੇ ਆਖਰੀ ਪਲ ਨੇ, ਮੈਨੂੰ ਫਿਰ ਵੀ ਤੇਰੀ ਉਡੀਕ ਹੈ
ਸੂਰਜ ਵਾਂਗ ਮੈਂ ਤਪਦਾ ਰਿਹਾ ਕੋਣ ਭਰਦਾ ਬਾਹਵਾਂ 'ਚ
ਉਮੀਦਾਂ ਦੇ ਪਰਬਤ ਮਿਟ ਚੱਲੇ, ਸੁੰਨੀ ਦਿਲ ਦੀ ਮਸੀਤ ਹੈ
ਜਿੰਦਗੀ ਦੇ ਆਖਰੀ ਪਲ ਨੇ, ਮੈਨੂੰ ਫਿਰ ਵੀ ਤੇਰੀ ਉਡੀਕ ਹੈ
ਹਾਂ ਮੰਨਿਆ ਜੇ ਤੂੰ ਅੱਜ ਪਰਤੇ ਮੈਨੂੰ ਪਹਿਚਾਣ ਨਾ ਸਕੇਗਾਂ
ਮੇਰੇ ਜ਼ਜਬਾਤਾਂ ਤੇ ਮੇਰੇ ਦਿਲ ਨੂੰ ਮਾਣ ਨਾ ਸਕੇਗਾ
ਪਰ ਅੱਜ ਤੇਰੇ ਲਈ ਕੁਰਲਾ ਰਿਹਾ ਮੇਰਾ ਹਰ ਗੀਤ ਹੈ
ਜਿੰਦਗੀ ਦੇ ਆਖਰੀ ਪਲ ਨੇ, ਮੈਨੂੰ ਫਿਰ ਵੀ ਤੇਰੀ ਉਡੀਕ ਹੈ
www.jagmeetsandhu.co.cc
www.jagmeetsandhu.page.TL
e-mail:- jag_sandhu7@yahoo.co.in
Free Counter